21 ਸਾਲ ਪਹਿਲਾਂ 3 ਜੂਨ 2002 ਨੂੰ, ਗੁਰਮੁਖੀ ਲਿਪੀ ਵਿੱਚ ਪੰਜਾਬੀ ਵਿਕੀਪੀਡੀਆ ਇੱਕ ਡੋਮੇਨ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ ਪਰ ਪਹਿਲੇ ਲੇਖ ਜਨਵਰੀ 2005 ਵਿੱਚ ਬਣਾਏ ਗਏ। ਅਸਲ ਵਿੱਚ 2010 ਦੇ ਸ਼ੁਰੂ ਵਿੱਚ ਇਸ ਪ੍ਰਾਜੈਕਟ ਦੁਆਲੇ ਇੱਕ ਭਾਈਚਾਰਾ ਬਣਨਾ ਸ਼ੁਰੂ ਹੋ ਗਿਆ। ਜੂਨ 2012 ਤੱਕ, ਪ੍ਰਾਜੈਕਟ ‘ਤੇ ਸਿਰਫ਼ 2000 ਲੇਖ ਸਨ ਪਰ 2014 ਵਿੱਚ, ਇੱਕ ਸਾਲ ਵਿੱਚ ਹੀ 8,000 ਨਵੇਂ ਲੇਖ ਬਣਾਉਣ ਕਾਰਨ, ਇਹ ਸਭ ਤੋਂ ਤੇਜ਼ੀ ਨਾਲ ਅੱਗੇ ਵਧਣ ਵਾਲਾ ਹਿੰਦ-ਆਰੀਆ ਭਾਸ਼ਾ ਵਾਲਾ ਵਿਕੀਪੀਡੀਆ ਬਣਿਆ।1
“ਪੰਜਾਬੀ ਭਾਸ਼ਾ ਦੋ ਲਿਪੀਆਂ ਅਤੇ ਦੋ ਵਿਕੀਪੀਡੀਆ ਵਿੱਚ ਵੰਡੀ ਹੋਈ ਹੈ ਪਰ ਅਸੀਂ ਫਿਰ ਵੀ ਭਾਈਚਾਰਿਆਂ ਵਿੱਚ ਸਹਿਯੋਗ ਦੇਖ ਪਾਉਂਦੇ ਹਾਂ। ਗੁਰਮੁਖੀ ਵਿੱਚ ਬਣਾਈ ਗਈ ਨਵੀਂ ਸਮੱਗਰੀ ਨੂੰ ਸ਼ਾਹਮੁਖੀ ਵਿੱਚ ਤੇਜ਼ੀ ਨਾਲ ਲਿਪੀਅੰਤਰਿਤ ਕੀਤਾ ਜਾਂਦਾ ਹੈ ਅਤੇ ਕਈ ਵਾਰ ਸ਼ਾਹਮੁਖੀ ਤੋਂ ਗੁਰਮੁਖੀ ਵਿੱਚ ਲਿਪੀਅੰਨਰਿਤ ਕੀਤਾ ਜਾਂਦਾ ਹੈ। ਸਾਨੂੰ ਇਸ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਦੀ ਲੋੜ ਹੈ।”
ਚਰਨ ਗਿੱਲ, ਪੰਜਾਬੀ ਵਿਕੀਪੀਡੀਆ ‘ਤੇ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਸੰਪਾਦਕ ਹਨ, ਜਿਨ੍ਹਾਂ ਨੇ ਇਸ ਪ੍ਰਾਜੈਕਟ ‘ਤੇ ਲਗਭਗ 23% ਲੇਖ ਲਿਖੇ ਹਨ।
ਮਹਾਂਮਾਰੀ ਦੇ ਸਮਿਆਂ ਦੌਰਾਨ ਰਫ਼ਤਾਰ ਵਿੱਚ ਆਈ ਮੰਦੀ ਤੋਂ ਬਾਅਦ, ਪੰਜਾਬੀ ਵਿਕੀਪੀਡੀਆ ਦਾ 21ਵਾਂ ਜਨਮਦਿਨ ਮਨਾਉਣ ਲਈ ਸਮੁੱਚਾ ਭਾਈਚਾਰਾ, 50,000 ਲੇਖਾਂ ਤੱਕ ਪਹੁੰਚਣ ਦਾ ਟੀਚਾ ਮਿਥ ਕੇ, ਮਿਸ਼ਨ 50,000 ਲਈ ਇਕੱਠਾ ਹੋਇਆ। ਵਿਕੀਪੀਡੀਆ ਉੱਤੇ ਬਣਾਇਆ ਗਿਆ 50,000ਵਾਂ ਲੇਖ ਸੱਜੀ ਬਾਰੇ ਹੈ ਜੋ ਇੱਕ ਝਾੜੀ ਤੋਂ ਬਣੇ ਸਾਬਣ ਵਰਗੀ ਰਾਖ ਹੈ ਜਿਸ ਨੂੰ ਪੰਜਾਬ ਵਿੱਚ ਕੱਪੜੇ ਸਾਫ਼ ਕਰਨ ਲਈ ਵਰਤਿਆ ਜਾਂਦਾ ਹੈ, ਹੋਰ ਭਾਸ਼ਾਵਾਂ ਵਿੱਚ ਇਸ ਦਾ ਕੋਈ ਮੇਲ ਨਹੀਂ। ਇਹ ਲੇਖ 16 ਸਾਲਾ ਵਰਤੋਂਕਾਰ:Harry sidhuz ਦੁਆਰਾ ਬਣਾਇਆ ਗਿਆ ਹੈ ਜੋ ਕੁਝ ਸਾਲ ਪਹਿਲਾਂ ਹੀ ਪੰਜਾਬੀ ਵਿਕੀਪੀਡੀਆ ਨਾਲ ਜੁੜਿਆ ਸੀ।
ਪ੍ਰਾਪਤੀਆਂ
ਪੰਜਾਬੀ ਵਿਕੀਪੀਡੀਆ ਦੇ ਸਫ਼ੇ 2008 ਵਿੱਚ ਪ੍ਰਤੀ ਮਹੀਨਾ ਔਸਤਨ 1 ਲੱਖ ਵਾਰ ਪੜ੍ਹੇ ਜਾਂਦੇ ਸਨ ਜਦਕਿ 20232 ਵਿੱਚ ਇਹ ਗਿਣਤੀ ~32 ਗੁਣਾ ਵੱਧ ਕੇ ਔਸਤਨ 33 ਲੱਖ ਪ੍ਰਤੀ ਮਹੀਨਾ ਹੋ ਗਈ ਹੈ।2
2015 ਵਿੱਚ, ਪੰਜਾਬੀ ਭਾਈਚਾਰੇ ਨੇ ਆਪਣੇ-ਆਪ ਨੂੰ ਸੰਗਠਿਤ ਕੀਤਾ ਅਤੇ ਭਾਰਤ ਵਿੱਚ ਪਹਿਲਾ ਉਪਭੋਗਤਾ ਸਮੂਹ ਬਣ ਗਿਆ। ਯੂਜ਼ਰ ਗਰੁੱਪ ਬਣਨ ਤੋਂ ਅਗਲੇ ਸਾਲ, ਪੰਜਾਬੀ ਭਾਈਚਾਰੇ ਨੇ ਵਿਕੀਕਾਨਫਰੰਸ ਇੰਡੀਆ 2016 ਦੇ ਸਥਾਨਕ ਆਯੋਜਨ ਦੀ ਅਗਵਾਈ ਕੀਤੀ। ਹਾਲ ਹੀ ਵਿੱਚ ਆਯੋਜਿਤ ਵਿਕੀਕਾਨਫਰੰਸ ਇੰਡੀਆ 2023, ਜਿਸ ਦੀ ਅਗਵਾਈ ਕਰਨ ਵਾਲੀ ਨਿਤੇਸ਼ ਗਿੱਲ ਪੰਜਾਬੀ ਵਿਕੀਮੀਡੀਅਨ ਸਮੂਹ ਦੀ ਮੈਂਬਰ ਹੈ, ਵਿੱਚ ਵੀ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਮੈਂਬਰਾਂ ਨੇ ਹਿੱਸਾ ਲਿਆ ਅਤੇ ਆਪਣੀ ਸ਼ਮੂਲੀਅਤ ਪਾਈ।
“ਬੇਸ਼ਕ ਅਸੀਂ ਇੱਕ ਛੋਟਾ ਜਿਹਾ ਭਾਈਚਾਰਾ ਹਾਂ ਤੇ ਵਰਤੋਂਕਾਰਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਸਾਡੇ ਯੋਗਦਾਨ ਅਤੇ ਸਰਗਰਮੀਆਂ ਦਰਸਾਉਂਦੀਆਂ ਹਨ ਕਿ ਥੋੜ੍ਹੇ ਜਿਹੇ ਪ੍ਰਤੀਬੱਧ ਵਿਅਕਤੀ ਵੀ ਇੱਕ ਵੱਡਾ ਬਦਲਾਅ ਲਿਆ ਸਕਦੇ ਹਨ।”
ਨਿਤੇਸ਼ ਗਿੱਲ, ਪੰਜਾਬੀ ਵਿਕੀਪੀਡੀਆ ‘ਤੇ ਇਕਲੌਤੀ ਔਰਤ ਪ੍ਰਬੰਧਕ, ਜਿਸ ਨੇ 2017 ਤੋਂ ਹੁਣ ਤੱਕ ਲਗਾਤਾਰ ਪੰਜਾਬੀ ਵਿਕੀਪੀਡੀਆ ‘ਤੇ ਔਰਤਾਂ ਦੀਆਂ ਜੀਵਨੀਆਂ ਲਿਖ ਕੇ ਮੁੱਖ ਭੂਮਿਕਾ ਨਿਭਾਈ ਹੈ।
ਅਜਿਹੇ ਵਿਕੀਮੀਡੀਅਨਾਂ ਦੇ ਯਤਨਾਂ ਸਦਕਾ, ਪੰਜਾਬੀ ਵਿਕੀਪੀਡੀਆ ਅੱਜ ਸਭ ਤੋਂ ਦੁਰਲੱਭ ਵਿਕੀਪੀਡੀਆ ਪ੍ਰਾਜੈਕਟਾਂ ਵਿੱਚੋਂ ਇੱਕ ਹੈ ਕਿਉਂਕਿ ਪੰਜਾਬੀ ਵਿਕੀਪੀਡੀਆ ‘ਤੇ ਮੌਜੂਦ ਸਾਰੀਆਂ ਜੀਵਨੀਆਂ ਵਿੱਚੋਂ 52.8% ਜੀਵਨੀਆਂ ਔਰਤਾਂ ਬਾਰੇ ਹਨ, ਜਦਕਿ ਅੰਗਰੇਜ਼ੀ ਵਿਕੀਪੀਡੀਆ ‘ਤੇ 18.5% ਜੀਵਨੀਆਂ ਹੀ ਔਰਤਾਂ ਬਾਰੇ ਹਨ।2
ਚੁਣੌਤੀਆਂ
ਭਾਈਚਾਰੇ ਨੂੰ ਬਹੁਤ ਸਾਰੀਆਂ ਤਕਨੀਕੀ ਚੁਣੌਤੀਆਂ, ਖ਼ਾਸ ਕਰਕੇ ਫਰਮਿਆਂ ਅਤੇ ਟੂਲਸ ਨਾਲ ਸੰਬੰਧਿਤ ਚੁਣੌਤੀਆਂ, ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਟੈਲੀਗ੍ਰਾਮ ‘ਤੇ ਬਣਾਏ ਗਏ ਵਿਕੀਮੀਡੀਆ ਜਨਰਲ ਚੈਟ ਗਰੁੱਪ ‘ਚ ਇਸ ਨਾਲ ਸੰਬੰਧਿਤ ਸਵਾਲ ਪੁੱਛਕੇ ਮਦਦ ਮੰਗਦੇ ਰਹਿੰਦੇ ਹਾਂ। ਵੱਡੇ ਭਾਈਚਾਰੇ ਤੋਂ ਸਮਰਥਨ ਤੇ ਸਹਿਯੋਗ ਮਿਲਣ ਨਾਲ ਆਪਣੀਆਂ ਦਿੱਕਤਾਂ ਸਾਂਝੀਆਂ ਕਰਨ ਤੇ ਉਹਨਾਂ ਦੇ ਹੱਲ ਪੁੱਛਦੇ ਰਹਿਣ ਲਈ ਹੌਂਸਲਾ ਮਿਲਦਾ ਹੈ।
“ਮੈਨੂੰ ਸੱਚਮੁੱਚ ਬਹੁਤ ਚੰਗਾ ਲੱਗਦਾ ਹੈ ਕਿ ਕਿਵੇਂ ਪੰਜਾਬੀ ਵਿਕੀਪੀਡੀਆ ਦੇ ਲੋਕ ਇੱਥੇ ਤਕਨੀਕੀ ਸਵਾਲ ਪੁੱਛਦੇ ਰਹਿੰਦੇ ਹਨ। ਇਸ ਤਰ੍ਹਾਂ ਕਰਨਾ ਸਹੀ ਅਤੇ ਜ਼ਰੂਰੀ ਹੈ। ਮੈਂ ਚਾਹੁੰਦਾ ਹਾਂ ਕਿ ਹੋਰ ਭਾਸ਼ਾਵਾਂ ਦੇ ਲੋਕ ਵੀ ਅਜਿਹਾ ਕਰਨ ਅਤੇ ਅੱਗੇ ਵੱਧ ਸਵਾਲ ਪੁੱਛਣ।”
ਆਮਿਰ ਅਹਾਰੋਨੀ ਦੁਆਰਾ ਟੈਲੀਗ੍ਰਾਮ ਸਮੂਹ ਵਿੱਚ ਲਿਖਿਆ ਗਿਆ।
ਤਕਨੀਕੀ ਚੁਣੌਤੀਆਂ ਤੋਂ ਇਲਾਵਾ, ਅਸੀਂ ਅਜੇ ਵੀ ਭਾਈਚਾਰੇ ਅਤੇ ਵਿਕੀ ਪ੍ਰਾਜੈਕਟਾਂ ਲਈ ਨੀਤੀਆਂ ਬਣਾਉਣ ਲਈ ਬਹੁਤ ਸਮੇਂ ਤੋਂ ਜੂਝ ਰਹੇ ਹਾਂ। ਜਿਵੇਂ ਸਾਡੇ ਕੋਲ ਚੰਗੇ ਲੇਖ ਲਿਖਣ ਜਾਂ ਸਾਈਟ ‘ਤੇ ਗੈਰ-ਮੁਫ਼ਤ ਸਮੱਗਰੀ ਬਾਰੇ ਰਸਮੀ ਨੀਤੀਆਂ ਮੌਜੂਦ ਨਹੀਂ ਹਨ।
ਅਗਾਂਹ ਨੂੰ ਜਾਂਦੀਆਂ ਰਾਹਾਂ ਵੱਲ
“ਸਾਨੂੰ ਥੋੜ੍ਹਾ ਸੋਚਣਾ ਚਾਹੀਦਾ ਹੈ ਅਤੇ ਜੇਕਰ ਸੰਭਵ ਹੋਵੇ, ਇੱਕ ਔਫਲਾਈਨ ਇਵੈਂਟ ਦੌਰਾਨ ਭਵਿੱਖ ਦੀ ਯੋਜਨਾ ਬਣਾਉਣ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਕੁਝ ਚੀਜ਼ਾਂ ਜਿਨ੍ਹਾਂ ਬਾਰੇ ਸਾਨੂੰ ਚਰਚਾ ਕਰਨੀ ਚਾਹੀਦੀ ਹੈ ਉਹ ਕੁਝ ਇਸ ਤਰ੍ਹਾਂ ਹਨ; ਲੇਖਾਂ ਦੀ ਗੁਣਵੱਤਾ, ਨਵੇਂ ਲੋਕਾਂ ਦੇ ਹੁਨਰ ਵਿਕਾਸ ਲਈ ਇੱਕ ਪਲੇਟਫਾਰਮ ਤਿਆਰ ਕਰਨਾ, ਅਤੇ ਵੱਖ-ਵੱਖ ਵਿਕੀਮੀਡੀਆ ਪ੍ਰਾਜੈਕਟਾਂ ਵਿੱਚ ਸਹਿਯੋਗ। ਸਾਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਨਵੇਂ ਵਲੰਟੀਅਰ ਲਿਆਉਣ ਦੀ ਗੱਲ ਵੀ ਕਰਨੀ ਚਾਹੀਦੀ ਹੈ।”
ਮੁਲਖ ਸਿੰਘ, ਜੋ ਇੱਕ ਅਨੁਭਵੀ ਵਿਕੀਮੀਡੀਅਨ ਹਨ, ਨੇ ਇਹ ਸ਼ਬਦ ਵਟਸ-ਅਪ ਗਰੁੱਪ ਵਿੱਚ ਲਿਖੇ ਸਨ।
“ਮੇਰੇ ਖ਼ਿਆਲ ਨਾਲ ਸਾਨੂੰ ਲੇਖਾਂ ਵਿੱਚ ਗ਼ਲਤੀਆਂ ਠੀਕ ਕਰਨ ਅਤੇ ਕਾਪੀਰਾਈਟ ਉਲੰਘਣਾਵਾਂ ਵਿੱਚ ਮਦਦ ਕਰਨ ਲਈ ਕੁਝ ਉੱਨਤ ਟੂਲਾਂ ਅਤੇ ਬੌਟਾਂ ਦੀ ਲੋੜ ਹੈ।”
ਕੁਲਦੀਪ ਸਿੰਘ, 24 ਸਾਲਾਂ ਨੌਜਵਾਨ, ਜਿਸ ਨੇ ਸਤੰਬਰ 2022 ਤੋਂ ਵਿਕੀਪੀਡੀਆ ‘ਤੇ ਸਮੱਗਰੀ ਬਣਾਉਣ ਅਤੇ ਤਕਨੀਕੀ ਕੰਮਾਂ ਨੂੰ ਬਾਖ਼ੁਬੀ ਨਾਲ ਕਰਦਿਆਂ ਹਾਲ ਹੀ ‘ਚ ਪੰਜਾਬੀ ਵਿਕੀਪੀਡੀਆ ਦੇ ਐਡਮਿਨਸ਼ਿਪ ਪ੍ਰਾਪਤ ਕੀਤੀ ਹੈ।
ਇਹ ਦੇਖਣਾ ਉਤਸ਼ਾਹਦਾਇਕ ਤੇ ਪ੍ਰੇਰਨਾਦਾਇਕ ਹੈ ਕਿ ਸਾਡੇ ਕੋਲ ਮਿਹਨਤੀ ਨਵੇਂ ਲੋਕਾਂ ਦਾ ਇੱਕ ਸਮੂਹ ਹੈ ਜੋ ਹਾਲ ਦੇ ਸਾਲਾਂ ਵਿੱਚ ਪ੍ਰਾਜੈਕਟ ਵਿੱਚ ਸ਼ਾਮਲ ਹੋਏ ਹਨ। ਇਨ੍ਹਾਂ ਵਿੱਚੋਂ ਕੁਝ ਵਰਤੋਂਕਾਰਾ ਨੇ ਪੰਜਾਬੀ ਵਿਕੀਸਰੋਤ ਉੱਤੇ ਲਿਖਤਾਂ ਨੂੰ ਟ੍ਰਾਂਸਕ੍ਰਾਈਬ ਕਰਨ ਵਿੱਚ ਕੁਝ ਸਾਲ ਬਿਤਾਉਣ ਤੋਂ ਬਾਅਦ ਵਿਕੀਪੀਡੀਆ ਵਿੱਚ ਯੋਗਦਾਨ ਪਾਉਣਾ ਸ਼ੁਰੂ ਕੀਤਾ। ਅਜਿਹੀ ਹੀ ਇੱਕ ਵਰਤੋਂਕਾਰ, ਤਮਨਪ੍ਰੀਤ ਕੌਰ, ਜੋ 2018 ਵਿੱਚ ਪੰਜਾਬੀ ਵਿਕੀਸਰੋਤ ਵਿੱਚ ਸ਼ਾਮਲ ਹੋਈ ਜਦੋਂ ਉਹ ਮਹਿਜ 13 ਸਾਲ ਦੀ ਸੀ। ਵਿਕੀਸਰੋਤ ਉੱਤੇ ਹਜ਼ਾਰਾਂ ਸੰਪਾਦਨਾਂ ਤੋਂ ਬਾਅਦ, ਉਸ ਨੇ ਮਾਰਚ 2022 ਵਿੱਚ ਪੰਜਾਬੀ ਵਿਕੀਪੀਡੀਆ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ। ਹੁਣ, ਉਹ ~2400 ਲੇਖ ਲਿਖਣ ਨਾਲ ਪੰਜਾਬੀ ਵਿਕੀਪੀਡੀਆ ਦੇ ਚੋਟੀ ਦੇ ਵਰਤੋਂਕਾਰਾਂ ਦੀ ਸੂਚੀ ਵਿੱਚ ਚੌਥੇ ਨੰਬਰ ਉੱਤੇ ਹੈ।
ਆਖ਼ਰ ਵਿੱਚ ਇੰਨਾ ਹੀ ਕਿ ਭਾਵੇਂ ਅਸੀਂ ਚੱਲ ਰਹੇ ਕੰਮ ਨੂੰ ਅੱਗੇ ਜਾਰੀ ਰੱਖਣ ਦੀ ਯੋਜਨਾ ਬਣਾ ਰਹੇ ਹਾਂ, ਮੈਂ ਇਸ ਪ੍ਰੋਜੈਕਟ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਮੌਜੂਦਾ ਅਤੇ ਸਾਬਕਾ ਸੰਪਾਦਕਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ। ਵਿਕੀਸਕੈਨ ‘ਤੇ, ਹੋਰ ਵੇਰਵਿਆਂ ਸਮੇਤ, ਯੋਗਦਾਨ ਪਾਉਣ ਵਾਲਿਆਂ ਦੀ ਪੂਰੀ ਸੂਚੀ ਦੇਖੀ ਜਾ ਸਕਦੀ ਹੈ।
Can you help us translate this article?
In order for this article to reach as many people as possible we would like your help. Can you translate this article to get the message out?
Start translation